ਜਿਨਸੀ-ਕਿਰਿਆ ਅਤੇ ਸਟ੍ਰੋਕ (Sexuality and Stroke)
ਸਟ੍ਰੋਕ ਅਤੇ ਅਫੇਜ਼ੀਆ ਨਾਲ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦੇ ਦੌਰਾਨ, ਜਿਨਸੀ ਪੱਖ ਅਤੇ ਗਰਭ-ਅਵਸਥਾ ਦੀ ਬਹੁਤ ਘੱਟ ਚਰਚਾ ਕੀਤੀ ਜਾਂਦੀ ਹੈ । ਆਮ ਤੌਰ ਤੇ ਉਹ ਲੋਕ ਜੋ ਦੌਰੇ ਤੋਂ ਪਹਿਲਾਂ ਜਿਨਸੀ-ਕਿਰਿਆ ਦੇ ਯੋਗ ਹੁੰਦੇ ਹਨ ਸਟ੍ਰੋਕ ਦੇ ਬਾਅਦ ਵੀ ਉਹਨਾਂ ਦੀ ਸਰੀਰਕ ਸਬੰਧ ਬਣਾਉਣ ਵਿਚ ਦਿਲਚਸਪੀ ਹੋਣ ਦੀ ਸੰਭਾਵਨਾਂ ਬਣੀ ਰਹਿੰਦੀ ਹੈ। ਇਹ ਸੱਚ ਹੈ ਕਿ ਅਧਰੰਗ ਹੋਣ ਅਤੇ ਸੁੰਨਾਂਪਨ ਆ ਜਾਣ ਕਰਕੇ ਸਰੀਰਕ ਸਬੰਧ ਬਨਾਉਣ ਵੇਲੇ ਤਾਲਮੇਲ ਬਿਠਾਉਣ ਅਤੇ ਠਰ੍ਹਮੇਂ ਨਾਲ ਚੱਲਣ ਦੀ ਜ਼ਰੂਰਤ ਪੈਂਦੀ ਹੈ । ਅਕਸਰ ਇਹ ਦੇਖਿਆ ਜਾਂਦਾ ਹੈ ਕਿ ਸਟ੍ਰੋਕ ਤੋਂ ਬਾਅਦ ਇਕ ਪੀੜਤ ਵਿਅਕਤੀ ਅਸਥਾਈ ਤੌਰ ਤੇ ਜਿਨਸੀ ਸੰਬੰਧਾਂ ਵਿੱਚ ਰੁਚਿਤ ਨਹੀਂ ਵੀ ਰਹਿੰਦਾ ਅਤੇ ਇਸ ਸਥਿਤੀ ਦੇ ਉਪਜਣ ਦੇ ਮੁੱਖ ਕਾਰਨ ਹਨ ਡਿਪਰੈਸ਼ਨ, ਦਵਾਈਆਂ ਦੇ ਮਾੜੇ ਪ੍ਰਭਾਵ, ਟੁੱਟਿਆ ਹੋਇਆ ਸਵੈ-ਮਾਣ, ਅਤੇ ਸਰੀਰਕ ਪੱਖੋਂ ਉਪਜੀ ਕਮਜ਼ੋਰੀ।
ਜੇਕਰ ਸਟ੍ਰੋਕ ਤੋਂ ਪੀੜਤ ਵਿਅਕਤੀ ਇਕ ਬੱਚਾ ਪੈਦਾ ਕਰਨ ਯੋਗ ਮਹਿਲਾ ਹੈ ਤਾਂ ਸਟ੍ਰੋਕ ਨਾਲ ਉਸ ਦੀ ਜਣਨ-ਸ਼ਕਤੀ ਪਰਭਾਵਿਤ ਨਹੀਂ ਹੁੰਦੀ। ਜੇ ਸਟ੍ਰੋਕ ਤੋਂ ਪ੍ਰਭਾਵਿਤ ਮਹਿਲਾ ਮਾਂ ਬਣਨਾ ਚਾਹੁੰਦੀ ਹੈ ਤਾਂ ਗਰਭ-ਅਵਸਥਾ ਦੀਆਂ ਅਤੇ ਬੱਚੇ ਦੇ ਪਾਲਣ-ਪੋਸ਼ਣ ਦੀਆਂ ਆਵਸ਼ਕਤਾਵਾਂ ਨੂੰ ਧਿਆਨ ਵਿਚ ਰੱਖਣਾ ਪਵੇਗਾ। ਗਰਭ ਧਾਰਨ ਕਰਨ ਦੇ ਸਰੀਰਕ ਪਰਭਾਵਾਂ ਅਤੇ ਇਸ ਨਾਲ ਸਬੰਧਤ ਖਤਰਿਆਂ ਬਾਰੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।
ਗਰਭ-ਅਵਸਥਾ ਦੌਰਾਨ ਹੋਏ ਸਟ੍ਰੋਕ ਦੇ ਸਬੰਧਤ ਮਹਿਲਾ ਅਤੇ ਉਸ ਦੀ ਕੁੱਖ ਵਿਚਲੇ ਬੱਚੇ ਦੀ ਸਿਹਤ ਲਈ ਬਹੁਤ ਗੰਭੀਰ ਸਿੱਟੇ ਹੋ ਸਕਦੇ ਹਨ। ਇਸ ਸਥਿਤੀ ਵਿੱਚ ਮਹਿਲਾ ਨੂੰ ਤੁਰੰਤ ਅਜਿਹੇ ਹਸਪਤਾਲ ਵਿਚ ਲੈ ਜਾਣਾ ਚਾਹੀਦਾ ਹੈ ਜਿੱਥੇ ਸਟ੍ਰੋਕ ਦੇ ਪੂਰੇ ਇਲਾਜ ਅਤੇ ਨਵਜੰਮੇ ਦੀ ਦੇਖਭਾਲ ਦੀਆਂ ਸਹੂਲਤਾਂ ਉਪਲਭਦ ਹੋਣ।

